ਬਿਜਲੀ ਕਾਮੇਂ ਫੇਰ ਜਾ ਸਕਦੇ ਨੇ ਹੜਤਾਲ 'ਤੇ, ਮਾਮਲਾ ਸੁਪਰਡੈਂਟ ਅਤੇ ਉੱਪ ਲੇਖਾਕਾਰ ਦੀ ਮੁਅੱਤਲੀ ਦਾ
ਰੋਸ ਪ੍ਰਦਰਸ਼ਨ ਦੌਰਾਨ ਮੁਅੱਤਲੀ ਰੱਦ ਕਰਕੇ ਸੁੰਦਰ ਨਗਰ ਡਵੀਜ਼ਨ 'ਚ ਤਾਇਨਾਤੀ ਦੀ ਕੀਤੀ ਮੰਗ
ਦੋ ਦਿਨ ਦਾ ਅਲਟੀਮੇਟ ਦਿੰਦਿਆਂ ਤਿੱਖਾ ਸੰਘਰਸ਼ ਵਿੱਢਣ ਦਾ ਐਲਾਨ
ਲੁਧਿਆਣਾ 25 ਅਗਸਤ (ਹਰਸ਼ਦੀਪ ਸਿੰਘ ਮਹਿਦੂਦਾਂ, ਮਨਪ੍ਰੀਤ ਰਣ ਦਿਓ) ਸੁੰਦਰ ਨਗਰ ਡਵੀਜ਼ਨ ਵਿੱਚ ਕੰਮ ਕਰਦੇ ਸਮੇਂ ਹਾਦਸਾ ਗ੍ਰਸਤ ਹੋਏ ਮਿਰਤਕ ਅਮਨਪ੍ਰੀਤ ਸਿੰਘ ਦੀ ਮੌਤ ਤੋਂ ਬਾਅਦ ਉਸਦੇ ਪਰਿਵਾਰ ਨੂੰ ਦਿੱਤੇ ਮੁਆਵਜੇ ਦੇ ਕਾਰਨ ਦੇ ਚੱਲਦਿਆਂ ਐਸ ਈ ਪੂਰਬੀ ਵੱਲੋਂ ਮੁਅੱਤਲ ਕੀਤੇ ਏਸੇ ਡਵੀਜ਼ਨ ਦੇ ਸੁਪਰਡੈਂਟ ਯੋਗੇਸ਼ ਕੁਮਾਰ ਅਤੇ ਉੱਪ ਲੇਖਾਕਾਰ ਪ੍ਰਭਜੋਤ ਕੌਰ ਦੀ ਮੁਅੱਤਲੀ ਰੱਦ ਕਰਵਾਉਣ ਲਈ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸਦੀ ਅਗਵਾਈ ਜੁਆਇੰਟ ਫੋਰਮ ਦੇ ਸੂਬਾਈ ਆਗੂ ਰਘਵੀਰ ਸਿੰਘ ਰਾਮਗੜ੍ਹ ਅਤੇ ਪੀ ਐਸ ਈ ਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਸੂਬਾਈ ਆਗੂ ਰਛਪਾਲ ਸਿੰਘ ਪਾਲੀ ਨੇ ਸਾਂਝੇ ਤੌਰ ਤੇ ਕੀਤੀ। ਰੋਸ ਪ੍ਰਦਰਸ਼ਨ ਦੌਰਾਨ ਸੱਭ ਤੋਂ ਪਹਿਲਾਂ ਮੁਅੱਤਲ ਕੀਤੇ ਸੁਪਰਡੈਂਟ ਯੋਗੇਸ਼ ਕੁਮਾਰ ਅਤੇ ਉੱਪ ਲੇਖਾਕਾਰ ਪ੍ਰਭਜੋਤ ਕੌਰ ਨੇ ਸਾਰੇ ਮਾਮਲੇ ਤੋਂ ਹਾਜ਼ਰੀਨ ਨੂੰ ਜਾਣੂ ਕਰਵਾਇਆ। ਸੁੰਦਰ ਨਗਰ ਡਵੀਜ਼ਨ ਵਿੱਚ ਪੀ ਐਸ ਈ ਬੀ ਅਕਾਊਂਟਸ ਆਡਿਟ ਐਂਡ ਐਡਮਿਨਸਟਰੇਟਿਵ ਸਰਵਿਸ ਐਸੋਸੀਏਸ਼ਨ ਅਤੇ ਐਮ ਐਸ ਯੂ ਤੋਂ ਇਲਾਵਾ ਹੋਰ ਜਥੇਬੰਦੀਆਂ ਤੇ ਵੱਖ ਵੱਖ ਥਾਵਾਂ ਤੋਂ ਪਹੁੰਚੇ ਬਿਜਲੀ ਮੁਲਾਜਮਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਦੋਵਾਂ ਦੀ ਮੁਅੱਤਲੀ ਨੂੰ ਅਫ਼ਸਰਸ਼ਾਹੀ ਦੀ ਧੱਕੇਸ਼ਾਹੀ ਆਖ ਇਸਨੂੰ ਤੁਰੰਤ ਕਰਨ ਦੀ ਮੰਗ ਕੀਤੀ। ਰੋਸ ਪ੍ਰਦਰਸ਼ਨ ਦੌਰਾਨ ਬਣੀ ਸਹਿਮਤੀ ਮੁਤਾਬਿਕ ਦੋਵਾਂ ਦੀ ਮੁਅੱਤਲੀ ਨੂੰ ਰੱਦ ਕਰਕੇ ਦੋਵਾਂ ਦੀ ਸੁੰਦਰ ਨਗਰ ਡਵੀਜ਼ਨ ਵਿੱਚ ਹੀ ਤੈਨਾਤੀ ਦਾ ਮੈਮੋਰੰਡਮ ਚੀਫ ਇੰਜਨੀਅਰ ਜਗਦੇਵ ਸਿੰਘ ਹਾਂਸ ਅਤੇ ਐਸ ਈ ਪੂਰਬੀ ਸੁਰਜੀਤ ਸਿੰਘ ਨੂੰ ਦਿੱਤਾ ਜਾਵੇਗਾ ਅਤੇ ਜੇਕਰ 2 ਦਿਨ ਦੇ ਅੰਦਰ ਮੰਗ ਨਹੀਂ ਮੰਨੀ ਗਈ ਤਾਂ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ ਜਿਸ ਚੋਂ ਨਿਕਲਣ ਵਾਲੇ ਸਿੱਟਿਆਂ ਦੀ ਜਿੰਮੇਵਾਰੀ ਸਬੰਧਿਤ ਅਧਿਕਾਰੀਆਂ ਦੀ ਹੋਵੇਗੀ। ਆਗੂਆਂ ਨੇ ਸਾਰੀਆਂ ਮੁਲਾਜਮਾਂ ਜਥੇਬੰਦੀਆਂ ਤੇ ਮੁਲਾਜਮਾਂ ਨੂੰ ਏਨ੍ਹਾ ਦੋ ਦਿਨਾਂ ਵਿੱਚ ਖੁਦ ਨੂੰ ਤਿੱਖੇ ਸੰਘਰਸ਼ ਚ ਝੋਂਕਣ ਦੀਆਂ ਤਿਆਰੀਆਂ ਚ ਜੁੱਟ ਜਾਣ ਲਈ ਕਿਹਾ। ਰੋਸ ਪ੍ਰਦਰਸ਼ਨ ਨੂੰ ਕੇਵਲ ਸਿੰਘ ਬਨਵੈਤ, ਜਗੀਰ ਸਿੰਘ, ਗੁਰਪ੍ਰੀਤ ਸਿੰਘ ਮਹਿਦੂਦਾਂ, ਸੁਰਜੀਤ ਕੁਮਾਰ, ਅਵਤਾਰ ਸਿੰਘ ਬੱਸੀਆਂ, ਬਲਵਿੰਦਰ ਸਿੰਘ, ਗੌਰਵ, ਧਰਮਪਾਲ, ਮਨੋਜ ਕੁਮਾਰ, ਲਖਬੀਰ ਸਿੰਘ ਆਰ ਏ, ਰਾਜਿੰਦਰ ਸਿੰਘ, ਗੁਰਦੀਪ ਸਿੰਘ, ਮੋਹਿਤ ਸ਼ਰਮਾ, ਸੰਦੀਪ ਕੁਮਾਰ, ਮੁਕੇਸ਼ ਗਰਗ, ਰੋਹਿਤ ਕੁਮਾਰ ਨੇ ਸੰਬੋਧਨ ਕੀਤਾ। ਇਸ ਮੌਕੇ ਹਰੀ ਦਾਸ ਭੱਟੀ, ਧਰਮਿੰਦਰ, ਵਿਸ਼ਵਜੀਤ ਸ਼ਰਮਾ, ਹਰਪ੍ਰੀਤ ਸਿੰਘ ਆਰ ਏ, ਕਮਲਜੀਤ ਸਿੰਘ, ਮਨਿਕਾ, ਅੰਜਨਾ, ਕਮਲਜੀਤ ਰਣੀਆ, ਨਰਿੰਦਰ ਸਿੰਘ, ਰਾਮਦਾਸ, ਕੁਲਬੀਰ ਸਿੰਘ, ਸ਼ਿਵ ਕੁਮਾਰ ਅਤੇ ਹੋਰ ਹਾਜ਼ਰ ਸਨ।
ਬਿਜਲੀ ਮੁਲਾਜ਼ਮ ਆਗੂਆਂ ਦੇ ਵਫ਼ਦ ਵੱਲੋਂ ਐਸ ਈ ਸੁਰਜੀਤ ਸਿੰਘ ਨਾਲ ਮੁਲਾਕਾਤ ਕੀਤੀ ਗਈ ਜਿਸ ਬਾਰੇ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਦਾ ਵਿਵਹਾਰ ਨਿੰਦਣਯੋਗ ਸੀ। ਅਸੀਂ ਉਨ੍ਹਾਂ ਨੂੰ ਦੋ ਦਿਨ ਦਾ ਅਲਟੀਮੇਟਮ ਦੇ ਦਿੱਤਾ ਹੈ। ਜੇਕਰ ਉਨ੍ਹਾਂ ਮੁਅੱਤਲੀ ਦੀ ਮੰਗ ਨਾ ਮੰਨੀ ਤਾਂ ਮਜ਼ਬੂਰਨ ਸਾਨੂੰ ਤਿੱਖੇ ਸੰਘਰਸ਼ ਦੀ ਰੂਪ ਰੇਖਾ ਉਲੀਕਣੀ ਪਏ ਸਕਦੀ ਹੈ। ਮੁਲਾਕਾਤ ਤੋਂ ਬਾਅਦ ਬਣਿਆ ਮਾਹੌਲ ਇਸ ਗੱਲ ਦਾ ਸੰਕੇਤ ਕਰ ਰਿਹਾ ਸੀ ਕਿ ਇਸ ਅਧਿਕਾਰੀ ਦੀ ਕਾਰਗੁਜਾਰੀ ਜਿਸ ਨੂੰ ਮੁਲਾਜਮ ਤਾਨਾਸ਼ਾਹੀ ਆਖ ਰਹੇ ਸਨ ਮੁਲਾਜਮ ਜਥੇਬੰਦੀਆਂ ਨੂੰ ਝੰਡੇ ਚ ਡੰਡਾ ਪਾਉਣ ਲਈ ਮਜਬੂਰ ਕਰ ਸਕਦੀ ਹੈ। ਜੇਕਰ ਅਜਿਹਾ ਹੋਇਆ ਤਾਂ ਖਰਾਬ ਮੌਸਮ ਦੇ ਮੱਦੇਨਜਰ ਹਾਲਾਤ ਬੇਕਾਬੂ ਹੋ ਸਕਦੇ ਹਨ ਅਤੇ ਇਹ ਤਾਨਾਸ਼ਾਹੀ ਆਮ ਲੋਕਾਂ ਲਈ ਸਮੱਸਿਆਵਾਂ ਖੜੀਆਂ ਕਰ ਸਕਦੀ ਹੈ। ਹੁਣ ਦੇਖਣਾ ਹੋਵੇਗਾ ਕਿ ਬਾਬੂ ਸ਼ਾਹੀ ਦਾ ਊਟ ਕਿਸ ਕਰਵਟ ਬੈਠਦਾ ਹੈ।
No comments
Post a Comment